ਵਿਸ਼ੱਵ-ਪ੍ਰਸਿੱਧ ਲੇਖਕਾ, ਸ਼ਾਇਰਾ, ਸਮਾਜ ਸੇਵਕਾ,ਕੁਲਵੰਤ ਕੋਰ ਚੰਨ ਜੰਮੂ ਨਾਲ ਇਕ ਮੁਲਾਕਾਤ

ਇਥੇ ਕੋਈ ਸ਼ੱਕ ਰਹਿ ਹੀ ਨਹੀ ਜਾਂਦਾ ਜਦੋ ਉਹਨਾਂ ਨੂੰ ਤੁਸੀ ਖੁੱਦ ਮਿਲ ਕੇ ਗੱਲ-ਬਾਤ ਕਰਦੇ ਹੋ , ਉਹਨਾਂ ਦੀ ਬਹੁਤ ਹੀ ਮਿੱਠੀ ਕੰਨਾ ਵਿਚ ਰੱਸ ਘੋਲਣ ਵਾਲੀ ਅਵਾਜ਼ ਰਾਹੀ ਉਸ ਕੁੱਦਰਤ ਨੂੰ ਬਹੁਤ ਹੀ ਨਜ਼ਦੀਕੀ ਤੋ ਜਦੋਂ ਵੇਖ ਲੈਂਦੇ ਹੋ ।ਜਦੋਂ ਅੱਖਾਂ ਬੰਦ ਕਰ ਅਪਣੇ ਹੀ ਲਿੱਖੇ ਗੀਤ ਨੂੰ ਆਪੇ ਤਰਜ਼ ਕੱਢ ਗਾਉਂਦੇ ਮਸਤ ਮਗਨ ਦੁਨੀਆਂ ਤੋ ਬੇ-ਖੱਬਰ ਹੋਏ ਉਸ ਦੀ ਅਵਾਜ਼ ਉਸ ਦਾ ਹੀ ਗੀਤ ਹੈ, ਕਹਿੰਦੇ ਉਸ ਵਿਚ ਖੁੱਭ ਜਾਂਦੇ ਹਨ ਤਾਂ ਕਿਤੇ ਸਵਰਗਾਂ ਵਿਚ ਬੈਠੇ ਲੱਗਦਾ ਹੈ । ਕਿਸੇ ਦੇ ਦੁੱਖ ਨੂੰ ਸੁਣ ਹਰ ਤਰੀਕੇ ਨਾਲ ਕੋਸ਼ਿਸ਼ ਕਰਨੀ ਇਹ ਕਿਵੇਂ ਦੂਰ ਹੋਵੇ ,ਪਲਾ ਵਿਚ ਸਭ ਨੂੰ ਅਪਣਾ ਬਣਾ ਲੈਣ ਵਾਲੀ ਇਸ ਸ਼ਖਸ਼ੀਅਤ ਨਾਲ ਉਹਨਾਂ ਦੇ ਘਰ ਵੀਲਪੰਥ ਪੈਰਿਸ ਫਰਾਂਸ ਵਿਚ ਮਿਲਣ ਦਾ ਮੋਕਾ ਮਿਲਿਆ ਤਾਂ ਮੈਂ ਵਕਤ ਹੱਥੋ ਨਾ ਗੁਵਾਉਂਦਾ ਹੋਇਆ ਸਭ ਨਾਲ ਉਹਨਾਂ ਦੀ ਮੁਲਾਕਾਤ ਕਰਵਾਉਣ ਦਾ ਸੋਚਿਆ ।ਪਹਿਲੇ ਉਹਨਾਂ ਨੇ ਅਪਣੇ ਹੱਥੀ ਖਾਣਾ ਬਣਾ ਖੁਆਇਆ ਕਾਫੀ ਚਾਹ ਤੋ ਬਾਅਦ ਕੁਝ ਗੱਲਾਂ-ਬਾਤਾਂ ਹੋਈਆਂ ਜੋ ਆਪ ਸਭ ਦੇ ਸਾਹਮਣੇ ਪੇਸ਼ ਕਰਨ ਦਾ ਛੋਟਾ ਜਿਹਾ ਯਤਨ :———-

ਸਵਾਲ :- ਤੁਹਾਡਾ ਪਿਛੋਕੜ ਕੀ ਹੈ ?
ਜਵਾਬ :- ਮੈਂ ਪਿੰਡ ਵੱਡੀ ਮਿਆਣੀ ਜ਼ਿਲਾ ਹੁਸ਼ਿਆਰਪੁਰ ਪੰਜਾਬ ਤੋ ਹਾਂ ।ਮੇਰੇ ਪਿਤਾ ਸ੍ਰ ਗਿਰਧਾਰਾ ਸਿੰਘ ਜੀ ਅਤੇ ਮਾਤਾ ਪ੍ਰੀਤਮ ਕੋਰ ਜੀ ਹਨ । ਅਸੀ ਚਾਰ ਭੈਣ ਭਰ੍ਹਾ ਹਾਂ, ਭ੍ਹਰਾ ਸ੍ਰ ਕੇਵਲ ਸਿੰਘ ਤੇ ਸ੍ਰ ਗੁਰਬਚਨ ਸਿੰਘ ਜੀ ਹਨ ।ਮੇਰੇ ਤੋ ਛੋਟੀ ਮੇਰੀ ਇਕ ਭੈਣ ਜੋ ਬੰਬੇ ਰਹਿੰਦੀ ਹੈ,ਉਹਨਾਂ ਦਾ ਉਥੇ ਕਾਰੋਬਾਰ ਹੈ ।ਪੰਜਾਬ ਦੀ ਧੀ ਹਾਂ ਤੇ ਨੂੰਹ ਜੰਮੂ ਕਸ਼ਮੀਰ ਦੀ ਹਾਂ ।ਪੰਜਾਬ ਨਾਲ ਅਥਾਹ ਪਿਆਰ ਕਰਦੀ ਹਾਂ, ਕਿਉਂਕਿ ਪੰਜਾਬੀਆਂ ਜੈਸਾ ਭੋਲਾ , ਦਿਲਦਾਰ,ਮੇਹਨਤੀ ,ਮੱਦਤਗਾਰ ਇਨਸਾਨ ਤੁਹਾਨੂੰ ਹੋਰ ਕੋਈ ਨਹੀ ਮਿਲ ਸਕਦਾ ।

 
ਸਵਾਲ :-ਤੁਹਾਨੂੰ ਕਦੋ ਤੋ ਲਿੱਖਣ ਦਾ ਸ਼ੋਕ ਜਾਗਿਆ ?
ਜਵਾਬ :-‘ਵਿਚ ਪ੍ਰਦੇਸਾ ਸੱਜਣਾ ਜਦੋ ਲਾਏ ਸੀ ਡੇਰੇ,ਚਾਰੇ ਪਾਸੇ ਗ੍ਹਮਾਂ ਨੇ ਸਾਨੂੰ ਪਾਏ ਸੀ ਘੇਰੇ’ਸ਼ੋਕ ਨਹੀ ਰੱਬ ਦੀ ਨਜ਼ਰ ਨੇ ਹੱਥ ਆਪੇ ਕਲਮ ਫੜ੍ਹਾ ਕੇ ਇਸ ਪਾਸੇ ਨੂੰ ਲਾ ਦਿਤਾ ।

 

ਸਵਾਲ :-ਜੰਮੂ ਵਿਚ ਤਾਂ ਹਿੰਦੀ, ਉਰਦੂ,ਇਗੰਲਿਸ਼ ਹੀ ਚਲਦੀ ਹੈ ?
ਜਵਾਬ :-ਜੀ ਹਾਂ ਪਰ ਪੰਜਾਬੀ ਜਿਥੇ ਵੀ ਜਾਣ ਪੰਜਾਬੀ ਦੇ ਝੰਡੇ ਗਡ ਦਿੰਦੇ ਹਨ ।ਮੈਂ ਬਿਮਲ ਜੈਨ ਸਕੂਲ ਆਰ .ਐਸ.ਪੁਰਾ ਵਿਚ 9 ਸਾਲ ਸੇਵਾ ਕੀਤੀ ।ਉਸ ਸਕੂਲ ਵਿਚ ਕਿਸੇ ਵੀ ਗੁਰਪੁਰਬ ਤੇ ਗੁਰੂਆਂ ਬਾਰੇ ,ਪੰਜਾਬੀ ਬਾਰੇ ਤੇ ਪੰਜਾਬ ਦੀ ਖੁਬਸੂਰਤੀ ਨੂੰ ਦੱਸਣ ਤੋ ਪਿੱਛੇ ਨਹੀ ਰਹਿੰਦੀ ਸੀ ।ਕਈ ਮਾਂ ਬਾਪ ਜੋ ਪੰਜਾਬੀ ਬੋਲੀ ਨੂੰ ਬਹੁਤ ਪਿਆਰ ਕਰਦੇ ਅਪਣੇ ਬੱਚੇ ਮੇਰੇ ਕੋਲ ਵਕਤ ਕੱਢ ਪੰਜਾਬੀ ਪ੍ਹੜਨ ਭੇਜਦੇ ਸਨ ,ਉਹੀ ਚਸਕਾ ਅੱਜ ਵੀ ਕੈਂਪਾਂ ਰਾਹੀ ਜਦੋਂ ਮੈਂ ਕਦੀ ਇੰਡਿਆ ਜਾਂਦੀ ਹਾਂ ਤਾਂ ਪੂਰਾ ਕਰ ਲੈਂਦੀ ਹਾਂ ।ਬਹੁਤ ਬਹੁਤ ਖੂਬ।

ਸਵਾਲ :-ਕਿਸ ਕੋਲੋ ਪ੍ਰਭਾਵਿਤ ਹੋ ਲਿੱਖਣਾ ਸ਼ੁਰੂ ਕੀਤਾ ?
ਜਵਾਬ :- ਥੋੜਾ ਜਿਹਾ ਹੱਸ ਕੇ ਬੜਾ ਪਿਆਰਾ ਜਿਹਾ ਸਵਾਲ ਕੀਤਾ ਤੁਸੀ,ਇਹ ਤਾਂ ਕੁੱਦਰਤ ਦਾ ਇਕ ਨੇਮ ਕਨੂੰਨ ਕਹਿ ਲਵੋ ਜਦੋ ਉਸ ਨੂੰ ਖੁੱਸ਼ੀ ਹੁੰਦੀ ਹੈ ਤਾਂ ਕਿਸੇ ਕੋਲੋ ਕੁੱਝ ਵੀ ਕਿਸੇ ਵਕਤ ਵੀ ਕਰਵਾ ਲੈਂਦੀ ਹੈ,ਇਸ ਨੂੰ ਮੈਂ ਉਸ ਦੀ ਰਜ਼ਾ, ਉਸ ਦਾ ਪਿਆਰ, ਉਸ ਦੀ ਕ੍ਰਿਪਾ ਕਹਿ ਲਵਾ ਤਾ ਠੀਕ ਹੋਵੇਗਾ, ਪਤੀ ਸ੍ਰ ਰਣਜੀਤ ਸਿੰਘ ਜੀ ਚੰਨ ਸਾਹਿਬ ਸਾਨੂੰ ਇੱਕਲਿਆਂ ਚਾਰਾਂ ਮਾਂ ਪੁੱਤਰਾਂ ਨੂੰ ਜੰਮੂ ਕਸ਼ਮੀਰ ਛੱਡ(ਦੋ ਬੇਟੇ ਤੇ ਇਕ ਬੇਟੀ) ਤੇ ਆਪ ਸਾਡੇ ਵਾਸਤੇ ਚੋਗਾ ਇਕੱਠਾ ਕਰਨ ਫਰਾਂਸ ਆ ਗਏ ਉਹਨਾਂ ਦੀ ਦੂਰੀ ,ਪਿਆਰ ਤੇ ਵਿਛੋੜੇ ਦੇ ਪਲਾਂ ਨੇ ਮੋਕਾ ਪਾ ਮੈਨੂੰ ਇਕੱਲੀ ਜਾਣ ਹੋਕਿਆਂ,ਤਾਨਿਆਂ, ਤਨਹਾਈਆਂ,ਮੇਹਣਿਆਂ, ਹਾੜਿਆਂ ,ਸਿਸਕੀਆਂ ਨਾਲ ਮਿਲ ਝੁਰਮਟ ਪਾ ਲਿਆ ਜਦੋਂ ਪੇਸ਼ ਨਾ ਜਾਂਦੀ ਤਾਂ ਅੱਖੀਆਂ ਨੇ ਗਹਿਰੇ ਸਮੁੰਦਰ ਦੇ ਰੂਪ ਧਾਰਨ ਕਰ ਉਸ ਦਾਤੇ ਅੱਗੇ ਹੱਥ ਜੋੜ ਲਏ ਤੇ ਦਾਤੇ ਕ੍ਰਿਪਾ ਕੀਤੀ ਤਾਂ ਆਪੇ ਲਿੱਖ, ਆਪੇ ਅਵਾਜ਼ ਬਣ ਚੰਂਨ ਸਾਹਿਬ ਦੀਆਂ ਦੂਰੀਆਂ ਨੂੰ ਨਜ਼ਦੀਕੀਆਂ ਵਿਚ ਬਦਲ ਦਿਤਾ ।ਵੈਸੇ ਇਹ ਸਭ ਮੇਰੇ ਪਤੀ ਸ੍ਰ ਰਣਜੀਤ ਸਿੰਘ ਜੀ ਚੰਨ ਹੋਰਾਂ ਦੀ ਦੂਰੀ ਦਾ ਹੀ ਸਦਕਾ ਹੈ ।

 

ਸਵਾਲ :-ਤੁਸੀ ਲਿੱਖਦੇ ਤੇ ਗਾੳਂਦੇ ਵੀ ਬੜਾ ਸੋਹਣਾ ਹੋ ,ਕਿਤੋਂ ਸਿੱਖਿਆਂ ਲਈ ?
ਜਵਾਬ :-ਨਹੀ ਜੀ,ਇਹ ਰੱਬ ਦੀ ਨਜ਼ਰ ਹੈ ਜੋ ਤੁਸੀ ਪ੍ਹੜਦੇ ਤੇ ਸੁਣਦੇ ਹੋ।ਸਾਡੇ ਜਮਾਨੇ ਵਿਚ ਕਿਥੇ ਕੋਈ ਕੁੜੀਆਂ ਨੂੰ ਗਾਣ ਜਾ ਵਜਾਣ ਵਾਸਤੇ ਬਾਹਰ ਭੇਜਦਾ ਸੀ।ਮੈਨੂੰ ਯਾਦ ਹੈ 1972 ਵਿਚ ਜਲੰਧਰ ਰੇਡਿਓ ਤੋ ਯੂ ਮੰਚ ਪ੍ਰੋਗਰਾਮ ਦੇ ਪ੍ਰਜੈਂਟਰ ਐਸ ਐਸ ਮੀਸ਼ੀ ਸ਼ਰਮਾਂ ਜੀ ਅਪਣੇ ਪ੍ਰੋਗਰਾਮ ਨੂੰ ਪੇਸ਼ ਕਰਨ ਲਈ ਕਪੂਰਥਲਾ ਤੋ ਜਲੰਧਰ ਜਾਣ ਲਈ ਬੱਸ ਤੇ ਬੈਠੇ ਸਨ ਤੇ ਮੈਂ ਵੀ ਉਸੇ ਬੱਸ ਵਿਚ ਜਲੰਧਰ ਜਾ ਰਹੀ ਸੀ ।ਤਾਂ ਇਕੋ ਹੀ ਸੀਟ ਮਿਲੀ ਗੱਲਾਂ ਵਿਚ ਹੀ ਮੇਰੀ ਅਵਾਜ਼ ਨੂੰ ਕਹਿੰਦੇ ਤੁਸੀ ਅਪਣੇ ਘਰੋ ਕਿਸੇ ਨੂੰ ਨਾਲ ਲੈ ਕੇ ਸਾਡੇ ਕੋਲ ਇਕ ਵੱਜੇ ਵੀਰਵਾਰ ਜਲੰਧਰ ਪਹੁੰਚ ਜਾਵੋ ਅਸੀ ਤੁਹਾਡੀ ਅਵਾਜ਼ ਟੈਸਟ ਕਰਾਂਗੇ ਤੁਸੀ ਬਹੁਤ ਚੰਗਾ ਗਾ ਸਕਦੇ ਹੋ ।ਘਰ ਦਿਆਂ ਨੂੰ ਪੁੱਛਿਆ ਤਾਂ… ਚੁੱਪ ਕਰ ਇਹ ਕੰਮ ਕੋਈ ਚੰਗੇ ਘਰਾਂ ਦੇ ਹੁੰਦੇ ਹਨ ।ਬਸ ਰੱਬ ਦਾ ਇਹ ਸਭ ਕੁਝ ਹੈ ।ਮੈਨੂੰ ਸ਼ੋਕ ਜਰੂਰ ਹੈ ਵਾਜੇ ਦਾ ਤੱਬਲੇ ਦਾ ਪਰ ਮੈਨੂੰ ਆਉਂਦਾ ਨਹੀ ।

 

ਸਵਾਲ :-ਹੁਣ ਤੱਕ ਤੁਸੀ ਕਿੰਨੇ ਗੀਤ, ਕਹਾਣੀਆਂ,ਗਜ਼ਲਾਂ,ਲੇਖ, ਕਵਿਤਾਵਾਂ ਲਿੱਖ ਚੁੱਕੇ ਹੋ ?
ਜਵਾਬ :-ਅਪਣੀ ਅਲਮਾਰੀ ਖੋਲ ਵਿਖਾਉਂਦੇ ਹੋਏ ਇਹ ਸਭ ਗੀਤ ,ਕਵਿਤਾਵਾਂ ਦੇ ਭੰਡਾਰ ਹਨ ਕਿੰਨੀਆਂ ਕੁ ਕਹਾਣੀਆਂ ਤੇ ਗੀਤ ਹਨ ਗਿਣੇ ਨਹੀ ਪਰ ਮੀਡੀਆ ਪੰਜਾਬ ਅਖਬਾਰ ਵਿਚ ਤੁਸੀ ਨਵੇ ਨਵੇ ਹੀ ਗੀਤ ਕਹਾਣੀਆਂ ਕਵਿਤਾਵਾਂ ਪ੍ਹੜਦੇ ਹੋ ।

 

ਸਵਾਲ :-ਹੁਣ ਤੱਕ ਕਿਹੜੇ ਕਿਹੜੇ ਅਖਬਾਰਾਂ ਵਿਚ ਛੱਪ ਚੁੱਕੇ ਹੋ ?
ਜਵਾਬ :-ਜੰਮੂ ਦੀਆਂ ਸਾਰੀਆਂ ਅਖਬਾਰਾਂ ਵਿਚ ਛੱਪਦੇ ਸਨ।ਨਿਮਾਂ ਮੋਹਰਾਂ ਡੋਗਰੀ ਅਖਬਾਰ,ਦੇਨਿਕ ਜਾਗਰਨ, ਜੰਮੂ ਕਸ਼ਮੀਰ , ਬਹੁਤ ਅਖਬਾਰਾਂ ਵਿਚ ਆਉਂਦੇ ਸਨ। ਜੰਮੂ ਕਸ਼ਮੀਰ ਰੇਡਿਓ,ਟੀਵੀਆਂ ਤੇ ਗਾਏ ਹਨ ਬਹੁਤ ਲੋਕੀ ਖੁੱਸ਼ ਹੂੰਦੇ ਸਨ ਬਾਰ ਬਾਰ ਸੁਨਣ ਵਾਸਤੇ ਕਹਿੰਦੇ ਵੀ ਸਨ ।ਹੁਣ 1998 ਤੋ ਬਾਹਰ ਦੀਆਂ ਅਖਬਾਰਾਂ ਸਭ ਤੋ ਪਹਿਲੇ ਜਰਮਨੀ ਤੋ ਸਮੇਂ ਦੀ ਅਵਾਜ ਮੈਗਜ਼ੀਨ ਵਿਚ ਛੱਪਣੇ ਸ਼ੁਰੂ ਹੋਏ ਸਨ ਮੇਰੇ ਗੀਤ, ਲੇਖ ,ਕਵਿਤਾਵਾਂ ।ਬਾਅਦ ਵਿਚ ਇੰਟਰਨੈਟ ਅਖਬਾਰ ਮੀਡੀਆ ਪੰਜਾਬ ਤੇ ਧੜਾ ਧੜ ਗੀਤ ,ਕਵਿਤਾਵਾਂ, ਗਜਲਾਂ, ਲੇਖ ਤੇ ਕਹਾਣੀਆਂ ਛੱਪੀਆ ਛੱਪ ਰਹੀਆਂ ਹਨ ।ਪੰਜਾਬ ਟਾਇਮ ਇੰਗਲੈਂਡ, ਦੇਸ਼ ਪ੍ਰਦੇਸ਼ ਇਗਲੈਂਡ, ਸਿਰਜਨਾ ਅਖਬਾਰ ,ਮਾਲਵਾ ਅਖਬਾਰ ਇੰਡਿਆ, ਆਰਸੀ ਕਨੇਡਾ,ਪੰਜਾਬੀ ਰਾਇਟਰ ਅਮਰੀਕਾ,ਪੰਜਾਬ ਐਕਸਪ੍ਰੇਸ ਨਿਊਯਾਰਕ ਅਮਰੀਕਾ, ਸਪੈਕਟ੍ਰਮ ਸਪੇਨ ਆਦਿ ਹੋਰ ਵੀ ਅਖਬਾਰਾਂ ਜਿੰਨਾ ਨੇ ਮੇਲਾਂ ਤੇ ਸੰਪਰਕ ਕੀਤਾ ਤੇ ਲਿੱਖਤਾਂ ਭੇਜਣ ਲਈ ਕਿਹਾ ਗਿਆ ਭੇਜੀਆ ਵੀ ਹਨ ।

 

ਸਵਾਲ :-ਕੋਈ ਕਿਤਾਬ ਵੀ ਛੱਪ ਚੁੱਕੀ ਹੈ ?
ਜਵਾਬ :-ਜੀ ‘ਬ੍ਰਿਹਾਂ ਦੇ ਸੱਲ’ ਗੀਤ ਸੰਗ੍ਰਿਹ,ਛੱਪ ਚੁੱਕੀ ਹੈ 2003 ਵਿਚ ।ਦੂਜੀ ਕਿਤਾਬ ‘ਸੋਚ ਮੇਰੀ ਵਾਜਾਂ ਮਾਰੇ’ਗੀਤ ਸੰਗ੍ਰਿਹ ਜਿਸ ਦਾ ਉਦਘਾਟਨ ਸ਼ਾਇਦ ਨਵੰਬਰ ਵਿਚ ਹੋਵੇ।ਅਤੇ ਇਸ ਤੋ ਬਾਅਦ ਕਹਾਣੀਆਂ ਤੇ ਲੇਖਾਂ ਦੀਆਂ ਦੋ ਕਿਤਾਬਾਂ ਛੱਪਣਗੀਆਂ ।ਚੋਥੀ ਉਹ ਜੋ ਮੇਰੇ ਉਪਰ ਲੇਖ ਲਿਖੇ ਗਏ ਹਨ ਉਹਨਾਂ ਨੂੰ ਸਦਾ ਜਿਉਂਦਾ ਰੱਖਣ ਲਈ ਲੇਖਾਂ ਨੂੰ ਕਿਤਾਬ ਦਾ ਰੂਪ ਦੇ ਸਭ ਦੇ ਹੱਥਾ ਤੱਕ ਪਹੁੰਚਦਾ ਕਰਾਂਗੀ ,ਕਿਉਂਕਿ ਕਦਰਦਾਨਾਂ ਦੀ ਤਹਿਦਿਲੋ ਕਦਰ ਕਰਦੀ ਹਾਂ ।ਹੋਰ ਵੀ ਬਹੁਤ ਗੀਤ ਹਨ ਕਵਿਤਾਵਾਂ, ਗਜ਼ਲਾਂ ਹਨ ਜਿੰਨਾ ਨੂੰ ਕਿਤਾਬਾਂ ਦਾ ਰੂਪ ਦੇ ਕੇ ਸੰਭਾਲਣਾ ਚਾਹੁੰਦੀ ਹਾਂ ।

 

ਸਵਾਲ :-ਤਹਾਡੇ ਮੰਨ ਪਸੰਦ ਪੰਜਾਬੀ ਸ਼ਾਇਰ,ਕਿੰਨਾਂ ਦੀ ਅਵਾਜ਼ ਪਿਆਰੀ ਲੱਗਦੀ ਹੈ ?
ਜਵਾਬ :-ਬਈ ਮੇਰੇ ਤੋ ਤਾਂ ਸਾਰਿਆਂ ਦੀ ਹੀ ਅਵਾਜ਼ ਸੋਹਣੀ ਹੈ, ਕੁੱਦਰਤ ਦੀ ਦੇਣ ਹੈ,ਡਾ.ੁਸੁਰਜੀਤ ਪਾਤਰ ਜੀ ਦੀ ਲੇਖਣੀ, ਸਾਦਗੀ ਤੇ ਗੁਰਦਾਸ ਮਾਨ ਜੀ ਦੀ ਅਵਾਜ਼, ਸਚਾਈ ਮੰਨ ਨੂੰ ਜੱਚਦੀ ਹੈ ਗੀਤ ਗਾਉਣ ਤੇ ਲਿੱਖਣ ਪੰਜਾਬ,ਪੰਜਾਬੀ ਤੇ ਪੰਜਾਬੀਅਤ ਨੂੰ ਮਾਣ, ਤੇ ਵਿਰਸੇ ਨਾਲ ਜੋੜਣ ਵਿਚ ਇਹ ਦੋਵੇਂ ਹੀ ਸ਼ਖਸ਼ੀਅਤਾਂ ਬੜਾ ਵੱਡਾ ਯੋਗਦਾਨ ਪਾ ਰਹੀਆਂ ਹਨ ਪੰਸਦ ਕਰਦੀ ਹਾਂ ।

 

ਸਵਾਲ :-ਤੁਹਾਡੇ ਪ੍ਰੀਵਾਰ ਵਿਚ ਕੌਣ ਕੌਣ ਤੁਹਾਡੀ ਸ਼ਾਇਰੀ ਨੂੰ ਮਾਣ ਸਤਿਕਾਰ ਦਿੰਦੇ ਹਨ।
ਜਵਾਬ :-ਜਰਾ ਹੋਕਾ ਜਿਹਾ ਲੈ ਕੇ ਤੇ ਗਾਉਂਦੇ ਹੋਏ ਦੋ ਲਾਇਨਾਂ ‘ਬੜੇ ਦੁੱਖ ਅਸਾਂ ਝੱਲੇ,ਸੱਜਣ ਹੋਏ ਜਦੋਂ ਕੱਲੇ,ਦੁੱਖ ਲੈ ਗਏ ਸੀ ਨਾਲ ਰੋਣੇ ਆਏ ਸਾਡੇ ਪੱਲੇ’ਬੱਚੇ ਛੋਟੇ ਛੋਟੇ ਗੀਤ ਸੁਨਣ ਵਾਸਤੇ ਵੀ ਪੈਸੇ ਮੰਗਦੇ ਸੀ ,ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਮੰਮਾਂ ਗੀਤ ਲਿੱਖ ਰਹੀ ਹੈ ਤੇ ਸੁਨਾਉਣਾ ਵੀ ਸਾਨੂੰ ਹੈ ਉਹ ਪਹਿਲਾ ਤਿੰਨੇ ਭੈਣ ਭਰ੍ਹਾ ਸਲਾਹ ਕਰ ਲੈਂਦੇ ਕੀ ਪੈਸੇ ਠੱਗਾਂਗੇ,ਹੁਣ ਤਾਂ ਉਹ ਵੱਡੇ ਹੋ ਗਏ ਹਨ ਬੜਾ ਪਿਆਰ ਤੇ ਸਤਿਕਾਰ ਮੇਰੀਆਂ ਲਿੱਖਤਾਂ ਨੂੰ ਦਿੰਦੇ,ਸਮਝਦੇ ਹਰ ਗੀਤ ਦੀ ਪੀੜ ਨੂੰ ਕਿਉਂ,ਕਿਵੇਂ ਲਿਖੇ ਜਾਂਦੇ ਉਹਨਾਂ ਨੂੰ ਹੁਣ ਸਮਝ ਆ ਗਈ ਹੈ।ਅਪਣੇ ਰਿਦੰਮਜੀਤ ਤੇ ਡੀਵਾਈਨਜੀਤ ਛੋਟੇ ਛੋਟੇ ਪੋਤਰੇ ਅਪਣੇ ਨਾਲ ਲਗਾਉਂਦੇ ਹੋਏ ਇਹ ਵੇਖੋ ਕਿਵੇਂ ਮੈਨੂੰ ਸੁਣ ਤੇ ਵੇਖ ਰਹੇ ਹਨ ਬੜੇ ਦੀਵਾਨੇ ਹਨ ਮੇਰੀ ਅਵਾਜ਼ ਦੇ, ਤੇ ਸਭ ਤੋ ਪਹਿਲੇ ਰੱਬ ਤੇ ਰੱਬ ਦਾ ਹੀ ਰੂਪ ਮੇਰਾ ਪਤੀ ਸ੍ਰ ਰਣਜੀਤ ਸਿੰਘ ਜੀ ਚੰਨ ਜੰਮੂ ਬਹੁਤ ਪਿਆਰ ਤੇ ਮਾਣ ਸਤਿਕਾਰ ਮੇਰੀਆਂ ਲਿੱਖਤਾਂ ਤੇ ਮੈਨੂੰ ਸਹਾਰਾ ਦਿੰਦੇ ਹਰ ਜਗ੍ਹਾ ਤੇ ਬਹੁਤ ਹੋਸਲਾ ਅਫਜਾਈ ਕਰਦੇ ਹਨ ,ਬਹੁਤ ਵੱਡੇ ਦੀਵਾਨੇ ਹਨ, ਮੇਰੇ ਗੀਤਾਂ, ਮੇਰੀ ਅਵਾਜ਼ ਤੇ ਲਿੱਖਤਾਂ ਦੇ ।ਮੇਰਾ ਸਾਰਾ ਪੇਕਾ ,ਸੋਹਰਾ ਪ੍ਰੀਵਾਰ ਜਦੋ ਪਤਾ ਲੱਗ ਜਾਂਦਾ ਕੁਲਵੰਤ ਇੰਡਿਆ ਆ ਰਹੀ ਹੈ ਪਹਿਲੇ ਹੀ ਰੇਡਿਓ,ਟੀਵੀਆ ਅਤੇ ਕਈ ਹੋਰ ਪ੍ਰੋਗਰਾਮ ਬਣਾ ਲੈਂਦੇ ਹਨ ਕਵੀ ਦਰਬਾਰਾਂ ਦੇ ਵੀ ਜਿੰਨਾ ਵਿਚ ਮੈਨੂੰ ਬੜਾ ਸਕੂੰਨ ਤੇ ਤੱਸਲੀ ਮਿਲਦੀ ਕਿ ਪੰਜਾਬੀ ਬੋਲੀ ਦੇ ਦੀਵਾਨੇ ਵਕਤ ਕੱਢ ਸਾਨੂੰ ਮਾਣ ਤੇ ਪਿਆਰ ਦਿੰਦੇ ਹਨ ।

 

ਸਵਾਲ :-ਤੁਹਾਡੀ ਪੰਜਾਬ ਰੇਡਿਓ ਇੰਗਲੈਂਡ ਤੇ ਕਿਵੇਂ ਅਵਾਜ਼ ਪਹੁੰਚੀ ,ਸਭ ਨਰਿੰਦਰ ਬੀਬਾ ਆ ਗਏ ਹਨ ਕਹਿੰਦੇ ?
ਜਵਾਬ :-ਨਾ ਭਰਾਵਾ ਨਾ, ਕਿਥੇ ਉਹ ਮਹਾਨ ਸ਼ਖਸ਼ੀਅਤ ਤੇ ਕਿਥੇ ਕੁਲਵੰਤ ਤੁੱਛ ਜਿਹਾ ਜੀਵ ।ਹਾਂ ਮੀਡੀਆ ਪੰਜਾਬ ਅਖਬਾਰ ਤਿੰਨ ਸਾਲ ਪੂਰੇ ਕਰਨ ਦੀ ਖੁੱਸ਼ੀ ਵਿਚ ਕਵੀ ਦਰਬਾਰ ਬਲਦੇਵ ਸਿੰਘ ਬਾਜਵਾ ਜੀ ਤੇ ਭੈਣ ਗੁਰਦੀਸ਼ਪਾਲ ਕੋਰ ਬਾਜਵਾ ਹੋਰਾਂ ਵਲੋ ਜਰਮਨੀ ਕਰਾਇਆ ਗਿਆ ਤਾਂ ਉਥੇ ਸ੍ਰ ਮੋਤਾ ਸਿੰਘ ਜੀ ਇੰਗਲੈਂਡ ਸ੍ਰ ਨਿਰਮਲ ਸਿੰਘ ਕੰਧਾਲਵੀ ਜੀ ਇੰਗਲੈਂਡ ਤੇ ਵੀਰ ਸ਼ਮਸ਼ੇਰ ਸਿੰਘ ਰਾਏ ਜੀ ਜੋ ਇਗਲੈਂਡ ਤੋ ਇਸ ਰੇਡਿਓ ਦੇ ਬੜੇ ਤੱਕੜੇ ਪ੍ਰਜੈਂਟਰ ਹਨ, ਇਕ ਬੜੇ ਸੁਲਜੇ ਤੇ ਨੇਕ ਇਨਸਾਨ ਹਨ, ਉਥੇ ਪਹੁੰਚੇ ਹੋਏ ਸਨ, ਬਸ ਉਥੇ ਹੀ ਅਪਣੀ ਮੁਲਾਕਾਤ ਹੋਈ ਤੇ ਅਸੀ ਗੀਤ ਗਾਏ ਜੋ ਉਹਨਾਂ ਨੂੰ ਚੰਗੇ ਲੱਗੇ ਤੇ ਕਹਿੰਦੇ ਭੈਣ ਜੀ ਰੇਡਿਓ ਤੇ ਜਰੂਰ ਆਵੋ ਤੇ ਅਸੀ ਉਹਨਾਂ ਦਾ ਕਹਿਣਾ ਸਿਰ ਮੱਥੇ ਮੰਨਦੇ ਹੋਏ ਗੀਤ ਪੰਜਾਬ ਰੇਡਿਓ ਲੰਡਨ ਤੋ ਗਾਇਆ ਜੋ , ਸਭ ਨੂੰ ਚੰਗਾ ਲੱਗਾ ਕੋਈ ਸੁਰਿੰਦਰ ਤੇ ਕੋਈ ਨਰਿੰਦਰ ਕਹਿਣ ਲੱਗਾ ,ਪਰ ਮੈਂ ਕੁਲਵੰਤ ਹੀ ਹਾਂ ਸਿਰਫ ਕੁਲਵੰਤ ।ਨਹੀ ਜੀ, ਤੁਹਾਡੀ ਅਵਾਜ਼ ਬਹੁਤ ਹੀ ਪਿਆਰੀ ਤੇ ਪੁਰਾਣੇ ਸਿੰਗਰਾਂ ਵਰਗੀ ਹੈ ਜੋ ਕੰਨਾਂ ਨੂੰ ਚੀਕ ਚਿਹਾੜਾ ਨਹੀ ਸਗੋ ਠੰਡ ਤੇ ਖੁੱਸ਼ੀ ਪ੍ਰਧਾਨ ਕਰਦੀ ਹੈ ਮੈਂ ਖੁੱਦ ਤੁਹਾਡੇ ਗੀਤਾਂ ਤੇ ਤੁਹਾਡੀ ਅਵਾਜ਼ ਦਾ ਬਹੁਤ ਫੈਨ ਹਾਂ ? ਮੈਂ ਕੋਈ ਸਿੰਗਰ ਤਾਂ ਨਹੀ ਹਾਂ ,ਅਪਣੀਆਂ ਲਿਖਤਾਂ ਨੂੰ ਗੁਣਗੁਣਾ ਲਈਦਾ ਹੈ , ਤੁਹਾਡਾ ਬਹੁਤ ਬਹੁਤ ਸ਼ੁਕਰਿਆ ਮਨਚੰਦਾ ਜੀ ।

 

ਸਵਾਲ :-ਅਪਣੇ ਪਾਠਕਾਂ ਤੇ ਪ੍ਰਸ਼ੰਸ਼ਕਾਂ ਨੂੰ ਕੋਈ ਸੰਦੇਸ਼ ?
ਜਵਾਬ :- ਮੇਰੇ ਸਾਰੇ ਪਾਠਕਾਂ ਨੂੰ ਪ੍ਰਸ਼ੰਸ਼ਕਾਂ ਨੂੰ ਦੋਨੋ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ ।ਦਾਤਾਂ ਲੰਬੀਆ ਉਮਰਾਂ ਤੇ ਖੁੱਸ਼ੀਆਂ ਖੇੜਿਆਂ ਨਾਲ ਸਭ ਨੂੰ ਖੁੱਸ਼ ਰੱਖੇ ।ਅਪਣੀ ਮਾਂ ਬੋਲੀ ਨੂੰ ਹਮੇਸ਼ਾ ਪਿਆਰ ਕਰਦੇ ਰਹੋ ਪੰਜਾਬੀ ਲਿੱਖੋ, ਪੜ੍ਹੋ, ਬੋਲੋ ਤੇ ਅਪਣੇ ਵਿਰਸੇ ਨੂੰ ਕਦੀ ਨਹੀ ਭੁੱਲਣਾ, ਅਪਣੇ ਪਿਛੋਕੜ ਨੂੰ ਹਮੇਸ਼ਾ ਯਾਦ ਰੱਖਣਾ ਹੈ ,ਚੰਗੇ ਗੀਤ ਲਿਖੋ, ਸੁਣੋ ਉਹ ਗੀਤ ਲਿਖੋ ਜਿਸ ਦਾ ਅੰਨਦ ਤਾਂ ਮਾਣੀਏ ਨਾਲ ਨਾਲ ਵਿਰਸੇ ਨਾਲ ਵੀ ਜੋੜੇ ਕੋਈ ਅਰਥ ਮੱਤਲਬ ਵੀ ਨਿਕਲਦਾ ਹੋਵੇ , ਜਿਸ ਗੀਤ ਦਾ ਨਾ ਸਿਰ ਪੈਰ ਤੇ ਨਾ ਕੋਈ ਵਜੂਦ ਹੀ ਹੋਵੇ ਉਹਨਾਂ ਤੋ ਗੁਰੇਜ ਕਰਨਾ ਚਾਹੀਦਾ ਹੈ ਲਿਖਣ ਤੇ ਸੁਨਣ ਵਾਸਤੇ ।ਸਾਨੂੰ ਪੰਜਾਬੀ ਬੋਲੀ ਦਾ ਮਾਣ ਵਧਾਉਣ ਲਈ ਹਰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਦਾ ਸਤਿਕਾਰ ਕਰਨਾ ਚਾਹੀਦਾ ਹੈ, ਉਸ ਦਾ ਸਾਥ ਦੇਵੋ ਭਾਵੇਂ ਕਿਸੇ ਤਰੀਕੇ ਵੀ ਸੇਵਾ ਕਰ ਰਿਹਾ ਹੈ ।ਮਨਚੰਦਾ ਜੀ ਤੁਸੀ ਖੁੱਦ ਇਕ ਬਹੁਤ ਚੰਗੇ ਇਨਸਾਨ ਹੋ ਬਹੁਤ ਅੱਛੇ ਲੇਖਕ ਤੇ ਕਾਰਟੂਨਿਸਟ ਹੋ, ਜੋ ਹਰ ਅਖਬਾਰ ਦੀ ਸ਼ਾਨ ਬਣੇ ਹੋਏ ਹੋ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ । ਜੇਕਰ ਇਹਨਾ ਨੂੰ ਤੁਸੀ ਵੀ ਵੇਖਣਾ ਜਾਂ ਸੁਨਣਾ ਹੋਵੇ ਤਾਂ ਇਹਨਾਂ ਦੀ ਸਾਇਟ www.kulwantkaur.com ਵੇਖ ਸਕਦੇ ਹੋ ।

ਤੇਜਿੰਦਰ ਮਨਚੰਦਾ ਆਰਟਿਸਟ
ਪੈਰਿਸ ਫਰਾਂਸ