ਨਾਗ ਜ਼ਹਿਰੀਲਾ ( ਗੀਤ) – ਕੁਲਵੰਤ ਕੌਰ ਚੰਨ ਜੰਮੂ ਪੈਰਿਸ ਫਰਾਂਸ

ਨੀ ਉਹ ਸਾਹਵੇਂ ਬਹਿ ਸਾਨੂੰ ਤੱਕਦਾ ਰਿਹਾ
ਅਸੀ ਬੁੱਸ ਬੁੱਸ ਰੋਏ ਨੀ ਉਹ ਹੱਸਦਾ ਰਿਹਾ


ਅਸੀ ਹਾਰ ਪਰੋਏ ਹੰਝੂਆਂ ਦੇ ,
ਉਹ ਤਾਂ ਵੱਟ ਵੱਟ ਧਾਗੇ ਸੱਟਦਾ ਰਿਹਾ
ਨੀ ਉਹ ਸਾਹਵੇਂ ਬਹਿ ਕੇ ……………………..
ਬੜਾ ਭੋਲਾ ਭਾਲਾ ਬਣ ਕੇ ਸਤਾਇਆ ਉਸ ਨੇ
ਹੱਸ ਥੌੜਾ ਜਿਹਾ ਖੂਬ ਸੀ ਰੁਵਾਇਆ ਉਸ ਨੇ
ਵਿਚੋਂ ਨਾਗ ਸੀ ਜ਼ਹਿਰੀਲਾ ਉਤੋਂ ਬੜਾ ਮਿੱਠੜਾ
ਇੰਨਾ ਵੱਡਾ ਢੌਂਗੀ ਅਸਾਂ ਜੱਗ ਤੇ ਨਹੀ ਡਿੱਠੜਾ
ਸਾਡੇ ਪੱਲੇ ਪਾ ਕੇ ਰੌਣੇ ਆਪੇ ਹਾਸੇ ਫੱਕਦਾ ਰਿਹਾ
ਨੀ ਉਹ ਸਾਹਵੇਂ ਬਹਿ ਕੇ……………………………….
ਉਹ ਬੇਦਰਦੀ ਤਾਂ ਸਭ ਕੁੱਝ ਭੁੱਲ ਨੀ ਗਇਓ
ਭੁੱਖਾ ਛਿੱਲੜਾ ਦਾ ਛਿੱਲੜਾ ਤੇ ਡੁੱਲ ਨੀ ਗਇਓ
ਕੀਤੇ ਲੱਖਾਂ ਸੀ ਬਹਾਨੇ ਸਹੇ ਜੱਗ ਵਾਲੇ ਤਾਨੇ
ਅਸਾਂ ਹੱਥ ਜਾ ਵਧਾਇਆ ਜਾਮ ਚੱਕਿਆ ਮੈਖਾਨੇ
ਜਨਮਾਂ ਦਾ ਬਦਲਾ ਜ਼ਹਿਰ ਪਿਆਲਾ ਦੱਸਦਾ ਰਿਹਾ
ਨੀ ਉਹ ਸਾਹਵੇਂ ਬਹਿ ਕੇ ………………………………………….
ਅੱਜ ਵੇਖਦੇ ਹਾਂ ਕੱਲੇ ਹੱਥ ਰਹਿ ਗਏ ਮੱਲਦੇ
ਪੱਲੇ ਪੈ ਗਿਆ ਏ ਰੋਣਾ ਸਾਡੇ ਗੱਲ ਗੱਲ ਤੇ
ਕੰਮ ਅੱਜ ਦਾ ਹੀ ਅੱਜ ਨਾ ਭਰੋਸਾ ਕੱਲ ਤੇ
ਕੁਲਵੰਤ ਆਖੇ ਦਾਹਵਾ ਕਾਹਦਾ ਵੇਖੋ ਮੱਲਾਂ ਮੱਲਕੇ
ਛੱਡ ਰੱਬ ਵਾਲਾ ਰਾਹ ਨਾ ਬੰਦਾ ਕੱਖ ਦਾ ਰਿਹਾ
ਨੀ ਉਹ ਸਾਹਵੇਂ ਬਹਿ ਕੇ………………………………
ਨੀ ਉਹ ਸਾਹਵੇਂ ਬਹਿ ਸਾਨੂੰ ਤੱਕਦਾ ਰਿਹਾ
ਅਸੀ ਬੁੱਸ ਬੁੱਸ ਰੋਏ ਨੀ ਉਹ ਹੱਸਦਾ ਰਿਹਾ
ਅਸੀ ਹਾਰ ਪਰੋਏ ਹੰਝੂਆਂ ਦੇ ,
ਉਹ ਵੱਟ ਵੱਟ ਧਾਗੇ ਸੱਟਦਾ ਰਿਹਾ